Latest News & Events


ਮੇਲਾ ਗ਼ਦਰ ਸ਼ਤਾਬਦੀ ਦਾ 2013


ਕਾਰਲ ਮਾਰਕਸ ਦੇ 195ਵੇਂ ਜਨਮ ਦਿਨ ਤੇ ‘ਮੇਲਾ ਗ਼ਦਰ ਸ਼ਤਾਬਦੀ ਦਾ‘ ਅਤੇ ਭਾਈ ਸੰਤੋਖ ਸਿੰਘ ‘ਕਿਰਤੀ‘ ਭਾਸ਼ਣ ਲੜੀ ਨੂੰ ਸਮਰਪਤ ਵਿਚਾਰ-ਚਰਚਾ ‘ਚ ਪ੍ਰੋ. ਅਰਚਨਾ ਅਗਰਵਾਲ ਨੇ ਆਪਣੇ ਵਿਚਾਰ ਜ਼ਾਹਰ ਕਰਦੇ ਹੋਏ।

 
21 ਅਪ੍ਰੈਲ 2013 ਨੂੰ ਗ਼ਦਰ ਪਾਰਟੀ ਸਥਾਪਨਾ ਦੇ ਮੌਕੇ ਕਰਵਾਈ ਵਿਚਾਰ-ਚਰਚਾ ਵਿੱਚ ਮੁੱਖ ਮਹਿਮਾਨ ਡਾ. ਪਰਮਿੰਦਰ ਸਿੰਘ ਨੇ ਆਪਣੇ ਵਿਚਾਰ ਪ੍ਰਗਟ ਕੀਤੇ।


23 ਮਾਰਚ ਦੇ ਸ਼ਹੀਦ, ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਯਾਦ ਵਿੱਚ ਵਿਸ਼ੇਸ਼ ਵਿਚਾਰ-ਚਰਚਾ ਮਿਤੀ 31 ਮਾਰਚ 2013 ਨੂੰ ਕਰਵਾਈ ਗਈ, ਜਿਸ ਵਿੱਚ ਮੁੱਖ ਵਕਤਾ ਡਾ. ਵਰਿਆਮ ਸਿੰਘ ਸੰਧੂ ਨੇ 'ਗ਼ਦਰੀ ਬਾਬੇ ਕੌਣ ਸਨ?' ਵਿਸ਼ੇ 'ਤੇ ਆਪਣੇ ਵਿਚਾਰ ਪ੍ਰਗਟ ਕੀਤੇ।

ਗ਼ਦਰ ਲਹਿਰ ਦੀ ਪਹਿਲੀ ਜਨਮ ਸ਼ਤਾਬਦੀ 2013 ਦੀ ਪੂਰਵ ਤਿਆਰੀ ਸਬੰਧੀ ਪੰਜਾਬ ਵਿੱਚ ਵੱਖ-ਵੱਖ ਸਥਾਨਾਂ ‘ਤੇ ਗ਼ਦਰੀ ਸ਼ਹੀਦਾਂ ਦੀ ਯਾਦ ਵਿੱਚ ਆਯੋਜਿਤ ਕੀਤੇ ਗਏ ਸਮਾਗਮਾਂ ਦਾ ਵੇਰਵਾ:

ਸ਼ਹੀਦ ਭਾਈ ਬਲਵੰਤ ਸਿੰਘ ਤੇ ਭਾਈ ਰੰਗਾ ਸਿੰਘ ਦੀ ਯਾਦ ਵਿੱਚ ਸਲਾਨਾ ਸ਼ਹੀਦੀ ਸਮਾਗਮ ਮਿਤੀ 16 ਮਾਰਚ 2012 ਨੂੰ ਪਿੰਡ ਖੁਰਦਪੁਰ (ਜਲੰਧਰ) ਵਿੱਚ ਮਨਾਇਆ ਗਿਆ।
ਭਾਈ ਬਲਵੰਤ ਸਿੰਘ ਤੇ ਭਾਈ ਰੰਗਾ ਸਿੰਘ ਨੇ ਬਦੇਸ਼ੀ ਧਰਤੀ ਕੈਨੇਡਾ ਤੋਂ ਪਹਿਲੀ ਵਾਰ 20ਵੀਂ ਸਦੀ ਦੇ ਸ਼ੁਰੂ ਵਿੱਚ ਪ੍ਰਵਾਸੀ ਹੱਕਾਂ, ਮਾਨਵੀ ਅਧਿਕਾਰਾਂ ਅਤੇ ਭਾਰਤ ਦੀ ਅਜ਼ਾਦੀ ਲਈ ਆਵਾਜ਼ ਉਠਾਈ ਅਤੇ ਇਨ੍ਹਾਂ ਹੱਕਾਂ ਦੀ ਖ਼ਾਤਰ ਜੂਝਣ ਵਾਲੇ ਗ਼ਦਰੀ ਯੋਧਿਆਂ ਨੂੰ ਅੰਗਰੇਜ਼ ਹਕੂਮਤ ਨੇ ਫਾਂਸੀ ਲਾ ਕੇ ਸ਼ਹੀਦ ਕਰ ਦਿੱਤਾ।
ਖੁਰਦਪੁਰ ਦੀ ਸਥਾਨਿਕ ਪ੍ਰਬੰਧਕ ਕਮੇਟੀ ਨੇ ਦੇਸ਼ ਭਗਤ ਯਾਦਗਾਰ ਕਮੇਟੀ, ਜਲੰਧਰ ਦੇ ਸਹਿਯੋਗ ਨਾਲ ਜ਼ਿਲ੍ਹਾ ਜਲੰਧਰ ਦੇ 45 ਗ਼ਦਰੀਆਂ ਅਤੇ ਬੱਬਰ ਅਕਾਲੀ ਸੂਰਬੀਰਾਂ ਦੇ ਪਰਿਵਾਰਕ ਵਾਰਸਾਂ ਨੂੰ ਇਸ ਸਮਾਗਮ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਅਤੇ ਮੌਕੇ ‘ਤੇ ਪਹੁੰਚੇ (ਦੁਆਬੇ ਦੇ) 40 ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ।


ਸ਼ਹੀਦ ਭਗਤ ਸਿੰਘ ਨੰਬਰਦਾਰ ਅਤੇ ਸ਼ਹੀਦ ਬੱਬਰ ਅਕਾਲੀ ਰਤਨ ਸਿੰਘ ਰੱਕੜ ਦੀ ਯਾਦ ਵਿੱਚ ਸ਼ਹੀਦੀ ਸਮਾਗਮ
ਰੁੜਕੀ ਖਾਸ (ਹੁਸ਼ਿਆਰਪੁਰ), 22 ਅਪ੍ਰੈਲ 2012:

ਪਿੰਡ ਰੁੜਕੀ ਖਾਸ ਗ਼ਦਰੀ ਦੇਸ਼ ਭਗਤਾਂ, ਇਨਕਲਾਬੀਆਂ, ਬੱਬਰ ਅਕਾਲੀਆਂ ਦੀ ਠਾਹਰ ਤੇ ਛੁਪਣਗਾਹ ਸੀ। ਇਸ ਪਿੰਡ ਦੇ ਦੇਸ਼ ਭਗਤ ਪਰਿਵਾਰਾਂ ਦੇ ਕਈ ਘਰ ਅੰਗਰੇਜ਼ੀ ਹਕੂਮਤ ਨੇ ਅੱਗ ਲਾ ਕੇ ਸਾੜ ਦਿੱਤੇ ਸਨ। ਇਥੇ ਬੱਬਰ ਕਰਮ ਸਿੰਘ ਦੌਲਤਪੁਰ ਅਤੇ ਬੱਬਰ ਉਦੈ ਸਿੰਘ ਰਾਮਗੜ੍ਹ ਝੂੰਗੀਆਂ ਆਮ ਆਇਆ ਜਾਇਆ ਕਰਦੇ ਸਨ। ਇਸ ਪਿੰਡ ਦੇ ਲੋਕ ਬੱਬਰਾਂ ਦੀ ਸਹਾਇਤਾ ਕਰਨੀ ਅਤੇ ਉਨ੍ਹਾਂ ਦੀ ਰੋਟੀ ਪਾਣੀ ਦੀ ਸੇਵਾ ਕਰਨੀ ਆਪਣਾ ਇਖਲਾਕੀ ਫ਼ਰਜ਼ ਸਮਝਦੇ ਸਨ। ਸ਼ਹੀਦ ਭਗਤ ਸਿੰਘ ਨੰਬਰਦਾਰ ਭਾਰਤੀ ਸੁਤੰਤਰਤਾ ਸੰਗਰਾਮ ਵਿੱਚ ਅੰਗਰੇਜ਼ ਸਾਮਰਾਜ ਦੀਆਂ ਜੇਲ੍ਹਾਂ ਦੇ ਅਸਹਿ ਤਸਿਹਿਆਂ ਨਾਲ 20 ਜੂਨ 1922 ਨੂੰ ਸ਼ਹੀਦ ਹੋ ਗਏ ਸਨ। ਇਸੇ ਪਿੰਡ ਵਿੱਚ ਬੱਬਰ ਅਕਾਲੀ ਲਹਿਰ ਦੇ ਰਤਨ ਸਿੰਘ ਰੱਕੜ ਅੰਗਰੇਜ਼ ਸਾਮਰਾਜ ਦੀ ਭਾਰੀ ਪੁਲਸ ਫੋਰਸ ਅਤੇ ਆਲਾ ਫੌਜ ਦਾ ਮੁਕਾਬਲਾ ਕਰਦੇ ਹੋਏ 15 ਜੁਲਾਈ 1932 ਨੂੰ ਸ਼ਹੀਦ ਹੋ ਗਏ ਸਨ।
ਸਥਾਨਿਕ ਪ੍ਰਬੰਧਕ ਕਮੇਟੀ ਅਤੇ ਦੇਸ਼ ਭਗਤ ਯਾਦਗਾਰ ਕਮੇਟੀ, ਜਲੰਧਰ ਦੇ ਸਹਿਯੋਗ ਨਾਲ ਜ਼ਿਲ੍ਹਾ ਹੁਸ਼ਿਆਰਪੁਰ ਦੇ ਲਗਭਗ (ਦੁਆਬੇ ਦੇ) 25 ਸੂਰਬੀਰ ਗ਼ਦਰੀਆਂ ਦੇ ਪਰਿਵਾਰਕ ਵਾਰਸਾਂ ਨੂੰ ਸਨਮਾਨਿਤ ਕੀਤਾ ਗਿਆ।


ਬਾਬਾ ਲਾਲ ਸਿੰਘ ਸਾਹਿਬਆਣਾ ਦੀ ਯਾਦ ਵਿੱਚ 25 ਮਾਰਚ 2012 ਨੂੰ ਹੋਇਆ ਸ਼ਹੀਦੀ ਸਮਾਗਮ

ਗ਼ਦਰ ਲਹਿਰ ਦੀ ਪਹਿਲੀ ਫੇਰੂ ਸ਼ਹਿਰ ਦੇ ਸਾਕੇ ਵਿੱਚ ਪੁਲਿਸ ਨਾਲ ਹੋਈ ਪਹਿਲੀ ਖੂਨੀ ਟੱਕਰ ਵਿਚ ਸ਼ਾਮਲ ਬਾਬਾ ਲਾਲ ਸਿੰਘ ਸਾਹਿਬਆਣਾ (ਲੁਧਿਆਣਾ) ਨੂੰ ਸਾਥੀਆਂ ਸਮੇਤ 25 ਮਾਰਚ 1915 ਨੂੰ ਮਿੰਟਗੁਮਰੀ ਸੈਂਟਰ ਜੇਲ੍ਹ ਵਿਚ ਫਾਂਸੀ ਦਿੱਤੀ ਗਈ। ਉਨ੍ਹਾਂ ਦੇ ਯਾਦ ਵਿੱਚ 2013 ਦੀ ਗ਼ਦਰ ਸ਼ਤਾਬਦੀ ਦੀ ਪੂਰਵ ਤਿਆਰੀ ਦੇ ਸਬੰਧ ਵਿਚ ਸਾਹਿਬਆਣੇ ‘ਚ ਸ਼ਰਧਾਂਜ਼ਲੀ ਸਮਾਗਮ ਹੋਇਆ।
ਸਥਾਨਿਕ ਪ੍ਰਬੰਧਕ ਕਮੇਟੀ ਅਤੇ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਸਹਿਯੋਗ ਨਾਲ ਗ਼ਦਰੀਆਂ ਦੇ ਪਰਿਵਾਰਕ ਵਾਰਸਾਂ ਨੂੰ ਸਮਾਗਮ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਗਿਆ ਅਤੇ ਮੌਕੇ ‘ਤੇ ਪਹੁੰਚੇ (ਮਾਲਵੇ ਦੇ) 20 ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ।

 

ਮੇਲਾ ਗ਼ਦਰੀ ਬਾਬਿਆਂ ਦਾ
ਤਸਵੀਰਾਂ ਦੀ ਜ਼ੁਬਾਨੀ
ਦਿਨ: 29 ਅਕਤੂਬਰ 2011

ਵੀਡੀਓ: ਝੰਡੇ ਦਾ ਗੀਤ